ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ‘ਤੇ ਕਿਉਂ ਛਾਈ ਹੋਈ ਹੈ ਧੂੜ ? ਕੀ ਹੈ ਇਹ ਧੂੜ…?

ਇਸ ਵਰ੍ਹਦੀ ਧੂੜ ਅਤੇ ਗਰਮੀ ਵਿੱਚ ਜਦੋਂ ਪੰਜਾਬ ਦਾ ਪ੍ਰਧਾਨ ਸ਼ਿਮਲਿਓਂ ਛੁੱਟੀਆਂ ਕੱਟਕੇ ਆਇਆ ਹੈ ਅਤੇ ਭਾਰਤ ਦਾ ਪ੍ਰਧਾਨ ਹਰੇ ਮੈਦਾਨਾਂ ਵਿੱਚ ਯੋਗਾ ਦੇ ਕੌਤਕ ਦਿਖਾ ਰਿਹਾ ਹੈ ਤਾਂ ਐਨ ਇਸੇ ਵੇਲੇ ਪੰਜਾਬ ਸਮੇਤ ਹਰਿਆਣਾ, ਦਿੱਲੀ, ਰਾਜਸਥਾਨ ਦੇ ਲੋਕ ਸਾਹ ਲੈਣ ਲਈ ਔਖੇ ਹੋ ਰਹੇ ਹਨ | ਪੂਰੇ ਖਿੱਤੇ ‘ਤੇ ਗਰਦ ਭਰੀ ਹਵਾ ਛਾਈ ਹੋਈ ਹੈ | ਸਾਹ ਲੈਣਾ ਔਖਾ ਹੋਇਆ ਪਿਆ ਹੈ ਅਤੇ ਬਾਹਰ ਖੜ੍ਹੀ ਕੋਈ ਵੀ ਚੀਜ਼, ਭਾਵੇਂ ਉਹ ਗੱਡੀ, ਸਕੂਟਰ, ਸਾਈਕਲ ਹੋਵੇ ਜਾਂ ਕੱਪੜੇ ਆਦਿ, ਹਰ ਚੀਜ਼ ‘ਤੇ ਮਿੱਟੀ ਦੀ ਮੋਟੀ ਪਰਤ ਜੰਮ ਰਹੀ ਹੈ | ਪਰ ਇਸ ਗੁਬਾਰ ਦਾ ਅਸਲ ਕਾਰਨ ਕੀ ਹੈ, ਇਹ ਅਜੇ ਵੀ ਨਹੀਂ ਦੱਸਿਆ ਜਾ ਰਿਹਾ – ਸਰਕਾਰਾਂ ਵੱਲੋਂ ਬਸ ਹਦਾਇਤਾਂ ਅਤੇ ਅੰਦਰ ਰਹਿਣ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ ਅਤੇ ਪੂਰੇ ਮਸਲੇ ਨੂੰ ਕੁਦਰਤੀ ਕਰੋਪੀ ਕਹਿ ਕੇ ਆਪਣੀ ਜੁੰਮੇਵਾਰੀ ਤੋਂ ਸੁਰਖ਼ਰੂ ਹੋਇਆ ਜਾ ਰਿਹਾ ਹੈ | ਜਦਕਿ ਇਹ ਕੁਦਰਤੀ ਕਰੋਪੀ ਨਹੀਂ, ਸਗੋਂ ਕੁਦਰਤ ਨਾਲ ਛੇੜਛਾੜ ਕਰਨ ਕਰਕੇ ਪੈਦਾ ਹੋਈ ਕਰੋਪੀ ਹੈ |

ਇਹ ਧੂੜ ਕਿੱਥੋਂ ਆਈ ਹੈ

ਕਦੇ-ਕਦਾਈਂ ਇਸ ਖਿੱਤੇ ਵਿੱਚ ਧੂੜ ਖਾੜੀ ਮੁਲਕਾਂ ਵੱਲੋਂ ਆਉਂਦੀ ਹੈ ਜਿੱਥੇ ਕਿ ਪਾਣੀ ਅਤੇ ਜ਼ਮੀਨ ਦੀ ਬਦਇੰਤਜ਼ਾਮੀ ਕਰਕੇ ਪਿਛਲੇ ਸਮਿਆਂ ਵਿੱਚ ਰੇਤਲੇ ਤੂਫ਼ਾਨਾਂ ਦੀ ਗਿਣਤੀ ਵਧੀ ਹੈ | ਕਦੇ-ਕਦਾਈਂ ਇਹ ਗੁਬਾਰ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਾਉਣ ਕਰਕੇ ਉੱਠਦਾ ਹੈ | ਪਰ ਮੌਜੂਦਾ ਧੂੜ ਦਾ ਇਹ ਹਮਲਾ ਰਾਜਸਥਾਨ ਵਾਲੇ ਪਾਸਿਓਂ ਹੋਇਆ ਹੈ | ਇਸ ਵੇਲੇ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਵਿੱਚ ਅੰਤਾਂ ਦੀ ਗਰਮੀ ਪੈ ਰਹੀ ਹੈ ਜਿਸ ਕਰਕੇ ਉੱਤਰ-ਪੂਰਬੀ ਹਵਾਵਾਂ ਬਹੁਤ ਤੇਜ ਵਗ ਰਹੀਆਂ ਹਨ | ਸਦੀਆਂ ਤੋਂ ਇਹਨਾਂ ਤੇਜ ਹਵਾਵਾਂ ਨੂੰ ਅਰਾਵਲੀ ਪਰਬਤਮਲਾ ਦੇ ਹਰੇ ਪਹਾੜ ਆਢਾ ਲਾ ਕੇ ਪੰਜਾਬ, ਹਰਿਆਣੇ, ਦਿੱਲੀ ਦੇ ਇਸ ਖਿੱਤੇ ਨੂੰ ਇਹਨਾਂ ਧੂੜ-ਭਰੀਆਂ ਹਵਾਵਾਂ ਤੋਂ ਬਚਾਉਂਦੇ ਰਹੇ ਸਨ | ਥਾਰ ਦੇ ਰੇਗਿਸਤਾਨ ਦੇ ਦਿੱਲੀ ਅਤੇ ਹਰਿਆਣੇ ਵੱਲ ਨੂੰ ਵਧੇਰੇ ਨੂੰ ਰੋਕਣ ਵਿੱਚ ਵੀ ਇਹੀ ਅਰਾਵਲੀ ਲੜੀ ਦਾ ਯੋਗਦਾਨ ਹੈ | ਪਰ ਇਸ ਖਿੱਤੇ ਵਿੱਚ ਸਰਮਾਏਦਾਰਾ ਮੁਕਾਬਲੇਬਾਜ਼ੀ ਅਤੇ ਮੁਨਾਫ਼ਾਖੋਰੀ ਦੀ ਦੌੜ ਕਰਕੇ ਪਿਛਲੇ ਡੇਢ-ਦੋ ਦਹਾਕਿਆਂ ਵਿੱਚ ਇਸ ਪੂਰੀ ਲੜੀ ਦਾ ਮੁਹਾਂਦਰਾ ਹੀ ਬਦਲ ਚੁੱਕਾ ਹੈ |

ਵੱਡੇ ਪੱਧਰ ‘ਤੇ ਨਜਾਇਜ਼ ਖਣਨ, ਚੂਨਾ ਪੱਥਰ, ਸਿਲਿਕਾ, ਲਾਲ ਮਿੱਟੀ ਆਦਿ ਨੂੰ ਕੱਢਣ ਦੇ ਖਹਿਭੇੜ ਵਿੱਚ ਵੱਡੇ ਖਿਡਾਰੀਆਂ ਅਤੇ ਮਾਫ਼ੀਏ ਨੇ ਇਹਨਾਂ ਅਰਾਵਲੀ ਲੜੀਆਂ ਦੇ ਪਰਬਤਾਂ ਨੂੰ ਖੋਰ ਦਿੱਤਾ ਹੈ ਅਤੇ ਇਹਨਾਂ ਦੀ ਉੱਚਾਈ ਲਗਾਤਾਰ ਘਟਦੀ ਗਈ ਹੈ | ਇਸ ਦੇ ਹਰੇ-ਭਰੇ ਰੁੱਖ, ਜਿਹੜੇ ਕਿ ਰੇਤਲੀਆਂ ਹਵਾਵਾਂ ਨੂੰ ਅੜਦੇ ਰਹੇ ਸਨ, ਹੁਣ ਵੱਡੇ ਪੱਧਰ ‘ਤੇ ਵੱਢੇ ਜਾ ਚੁੱਕੇ ਹਨ; ਖਣਨ ਲਈ ਕੀਤੇ ਜਾਂਦੇ ਵੱਡੇ ਧਮਾਕਿਆਂ ਕਰਕੇ ਥਾਂ-ਥਾਂ ਪੂਰੇ ਨਾ ਜਾ ਸਕਣ ਵਾਲੇ ਟੋਏ ਬਣ ਚੁੱਕੇ ਹਨ | ਸਰਕਾਰੀ ਏਜੰਸੀ ਕੈਗ ਦੀ ਹੀ 2017 ਵਿੱਚ ਆਈ ਰਿਪੋਰਟ ਮੁਤਾਬਕ ਪਿਛਲੇ ਪੰਜ ਸਾਲਾਂ ਵਿੱਚ ਹੀ ਰਾਜਸਥਾਨ ਵਿਚਲੀ ਅਰਾਵਲੀ ਲੜੀ ਵਿੱਚੋਂ 98.87 ਲੱਖ ਦੇ ਖਣਿਜ ਗੈਰ-ਕਾਨੂੰਨੀ ਢੰਗ ਨਾਲ ਕੱਢੇ ਜਾ ਚੁੱਕੇ ਹਨ | ਅਤੇ ਇਹ ਸਭ ਹਰਿਆਣੇ, ਰਾਜਸਥਾਨ ਸਰਕਾਰਾਂ ਦੀ ਸ਼ਹਿ ‘ਤੇ ਹੋ ਰਿਹਾ ਹੈ, ਵੱਡੇ-ਵੱਡੇ ਰੀਅਲ ਅਸਟੇਟ ਸਰਮਾਏਦਾਰਾਂ ਅਤੇ ਖਣਨ ਮਾਫ਼ੀਏ ਦੇ ਫ਼ਾਇਦਿਆਂ ਲਈ ਕੀਤਾ ਜਾ ਰਿਹਾ ਹੈ | ਅਤੇ ਇਹਨਾਂ ਬਹੁਤੇ ਪ੍ਰਾਜੈਕਟਾਂ ਨੂੰ ਕੇਂਦਰ ਦੀ ਵਾਤਾਵਰਨ ਵਜ਼ਾਰਤ ਅਤੇ ਜੰਗਲਾਤ ਮਹਿਕਮੇ ਦੀ ਮਨਜ਼ੂਰੀ ਵੀ ਮਿਲੀ ਹੋਈ ਹੈ |

ਇੱਕ ਪੀੜੀ ਦੇ ਦੇਖਦਿਆਂ-ਦੇਖਦਿਆਂ ਹੀ ਮੁਨਾਫ਼ਾਖੋਰੀ ਨੇ ਕੁਦਰਤ ਨਾਲ ਐਨੀ ਵੱਡੀ ਛੇੜਛਾੜ ਕਰ ਦਿੱਤੀ ਹੈ ਅਤੇ ਹੁਣ ਇਸ ਦਾ ਨਤੀਜਾ ਆਮ ਲੋਕ ਭੁਗਤ ਰਹੇ ਨੇ | ਸਾਰਾ ਉਲ੍ਹਾਮਾ ਆਮ ਲੋਕਾਂ ‘ਤੇ ਸੁੱਟ ਦਿੱਤਾ ਗਿਆ ਹੈ – ਘਰਾਂ ਦੇ ਅੰਦਰ ਰਹੋ, ਮੋਮਬੱਤੀਆਂ ਵੀ ਨਾ ਬਾਲੋ, ਘਰਾਂ ਨੂੰ ਸਾਫ ਰੱਖੋ, ਮਾਸਕ ਲੈ ਕੇ ਚੱਲੋ, ਵਗੈਰਾ ਵਗੈਰਾ ਪਰ ਇਸ ਸੱਚ ਨੂੰ ਆਮ ਲੋਕਾਂ ਤੱਕ ਨਹੀਂ ਲਿਜਾਇਆ ਜਾ ਰਿਹਾ ਕਿ ਸਾਡੇ ਇਹਨਾਂ ਪੌਣ-ਪਾਣੀਆਂ ਨੂੰ ਗੰਧਲਾ ਇਹਨਾਂ ਸਰਮਾਏਦਾਰਾਂ ਅਤੇ ਇਹਨਾਂ ਦੀਆਂ ਪਿੱਠੂ ਸਰਕਾਰਾਂ ਨੇ ਕੀਤਾ ਹੈ!

Leave a Reply

Your email address will not be published. Required fields are marked *